ਵੋਟਾਂ ਖ਼ਾਤਰ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੀ ਸ਼ਰੇਆਮ ਲੁੱਟ; ਪੇਂਡੂਆਂ ਦੀ ਸਿੱਧੀ ਚੇਤਾਵਨੀ—”ਚੋਣ ਸਟੰਟ ਬੰਦ ਕਰੇ ਸਰਕਾਰ, ਤਿੰਨ ਮਹੀਨੇ ਬਾਅਦ ਉੱਖੜਨ ਵਾਲੀਆਂ ਸੜਕਾਂ ਨਹੀਂ ਚਾਹੀਦੀਆਂ”
ਤਲਵੰਡੀ ਸਾਬੋ / ਬਠਿੰਡਾ
(ਸੀਨੀਅਰ ਪੱਤਰਕਾਰ, ਹਰਪ੍ਰੀਤ ਸਿੰਘ ਸੰਧੂ | ਪੰਜਾਬ ਦਸਤਕ):
ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਨੂੰ ਜੋੜਨ ਵਾਲੀ ਨਵੀਂ ਬਣੀ ਲਿੰਕ ਸੜਕ ਭ੍ਰਿਸ਼ਟਾਚਾਰ, ਵਿਭਾਗੀ ਅਣਗਹਿਲੀ ਅਤੇ ਚੋਣਾਂ ਦੇ ਦਿਖਾਵੇ ਦੀ ਭੇਂਟ ਚੜ੍ਹ ਗਈ ਹੈ। ਸੜਕ ਬਣੀ ਨੂੰ ਅਜੇ ਪੂਰੇ 24 ਘੰਟੇ ਵੀ ਨਹੀਂ ਹੋਏ ਸਨ ਕਿ ਸਥਾਨਕ ਲੋਕਾਂ ਨੇ ਬਿਨਾਂ ਕਿਸੇ ਔਜ਼ਾਰ ਦੇ ਸਿਰਫ਼ ਉਂਗਲਾਂ ਨਾਲ ਹੀ ਪ੍ਰੀਮਿਕਸ ਦੀ ਪੂਰੀ ਪਰਤ ਪਾਪੜੀਆਂ ਵਾਂਗ ਉਖਾੜ ਕੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ। ਵਿਕਾਸ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕਰਦੀ ਇਸ ਸੜਕ ਨੂੰ ਦੇਖ ਕੇ ਸਮੁੱਚੇ ਇਲਾਕੇ ਦੇ ਲੋਕਾਂ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਠੇਕੇਦਾਰ ਖ਼ਿਲਾਫ਼ ਭਾਰੀ ਰੋਸ ਫੈਲ ਗਿਆ ਹੈ।
ਬਿਨਾਂ ਬੇਸ ਤਿਆਰ ਕੀਤੇ ਵਿਛਾਈ ਲੁੱਕ ਦੀ ਪਤਲੀ ਪਰਤ, ਹੇਠਾਂ ਨਿਰੀ ਸੁੱਕੀ ਮਿੱਟੀ
ਮੌਕੇ ’ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਕੈਮਰੇ ਸਾਹਮਣੇ ਸੜਕ ਪੁੱਟ ਕੇ ਦਿਖਾਉਂਦਿਆਂ ਵਿਭਾਗੀ ਅਫ਼ਸਰਾਂ ਅਤੇ ਠੇਕੇਦਾਰ ਦੇ ਗੱਠਜੋੜ ਦੀ ਪੋਲ ਖੋਲ੍ਹੀ। ਪੇਂਡੂਆਂ ਨੇ ਦਿਖਾਇਆ ਕਿ ਸੜਕ ਬਣਾਉਣ ਤੋਂ ਪਹਿਲਾਂ ਨਾ ਤਾਂ ਰੋਲਰ ਨਾਲ ਜ਼ਮੀਨ ਦੀ ਮਜ਼ਬੂਤ ਕੁਟਾਈ ਕੀਤੀ ਗਈ ਅਤੇ ਨਾ ਹੀ ਕੰਕਰ-ਰੋੜੀ ਦੀ ਪੱਕੀ ਨੀਂਹ ਰੱਖੀ ਗਈ। ਹੇਠਾਂ ਸੁੱਕੀ ਮਿੱਟੀ ਅਤੇ ਰੇਤ ਉੱਤੇ ਲੁੱਕ-ਬੱਜਰੀ ਦੀ ਇੱਕ ਬੇਹੱਦ ਪਤਲੀ ਤਹਿ ਵਿਛਾ ਕੇ ਡੰਗ-ਟਪਾਊ ਕੰਮ ਕਰ ਦਿੱਤਾ ਗਿਆ, ਜੋ ਪੈਰ ਰੱਖਣ ਨਾਲ ਹੀ ਧਸ ਰਹੀ ਹੈ। ਲੋਕਾਂ ਨੇ ਸਵਾਲ ਕੀਤਾ ਕਿ ਜਦੋਂ ਬਾਜ਼ਾਰ ਵਿੱਚ ਮਟੀਰੀਅਲ ਇੰਨਾ ਮਹਿੰਗਾ ਹੈ, ਤਾਂ ਜਨਤਾ ਦੇ ਖ਼ੂਨ-ਪਸੀਨੇ ਦੇ ਟੈਕਸ ਦਾ ਪੈਸਾ ਇਸ ਤਰ੍ਹਾਂ ਸ਼ਰੇਆਮ ਭ੍ਰਿਸ਼ਟਾਚਾਰ ਦੀ ਭੇਂਟ ਕਿਉਂ ਚਾੜ੍ਹਿਆ ਜਾ ਰਿਹਾ ਹੈ?
“ਸਾਹਮਣੇ ਚੋਣਾਂ ਨੇ, ਵੋਟਾਂ ਬਟੋਰਨ ਲਈ ਲੋਕਾਂ ਦੀਆਂ ਅੱਖਾਂ ’ਚ ਘੱਟਾ ਨਾ ਪਾਵੇ ਸਰਕਾਰ”
ਪਿੰਡ ਵਾਸੀਆਂ ਨੇ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਚੋਣਾਂ ਨੇੜੇ ਦੇਖ ਕੇ ਸਰਕਾਰ ਅਤੇ ਸਿਆਸੀ ਆਗੂਆਂ ਨੂੰ ਸੜਕਾਂ ਦੀ ਯਾਦ ਆਈ ਹੈ। ਸਿਰਫ਼ ਕਾਗ਼ਜ਼ਾਂ ਵਿੱਚ ਕੰਮ ਦਿਖਾਉਣ, ਫੀਤੇ ਕੱਟਣ ਅਤੇ ਵੋਟਾਂ ਲੈਣ ਲਈ ਇਹ ਘਟੀਆ ਲੀਪਾਪੋਚੀ ਕੀਤੀ ਜਾ ਰਹੀ ਹੈ। ਪੇਂਡੂਆਂ ਨੇ ਦੋ-ਟੂਕ ਚੇਤਾਵਨੀ ਦਿੱਤੀ ਕਿ ਸਾਨੂੰ ਅਜਿਹੀਆਂ ਸੜਕਾਂ ਦੀ ਲੋੜ ਨਹੀਂ ਜੋ ਤਿੰਨ ਮਹੀਨੇ ਬਾਅਦ ਹੀ ਟੋਇਆਂ ਵਿੱਚ ਬਦਲ ਜਾਣ। ਜੇਕਰ ਕੰਮ ਕਰਨਾ ਹੈ ਤਾਂ ਨੇਮਾਂ ਅਨੁਸਾਰ ਪੱਕਾ ਅਤੇ ਮਿਆਰੀ ਕੀਤਾ ਜਾਵੇ, ਚੋਣ ਸਟੰਟਬਾਜ਼ੀ ਬੰਦ ਹੋਵੇ।
ਮੁੱਖ ਮੰਤਰੀ ਮਾਨ, ਸੰਸਦ ਮੈਂਬਰ, ਹਲਕਾ ਵਿਧਾਇਕ ਤੇ ਡੀਸੀ ਬਠਿੰਡਾ ਅੱਗੇ ਰੱਖੀਆਂ ਮੁੱਖ ਮੰਗਾਂ:
ਭੜਕੇ ਪੇਂਡੂਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ:
- ਘਟੀਆ ਕੰਮ ਕਰਨ ਵਾਲੇ ਦਾਗੀ ਠੇਕੇਦਾਰ ਦਾ ਲਾਇਸੈਂਸ ਤੁਰੰਤ ਰੱਦ ਕਰਕੇ ਉਸਨੂੰ ਬਲੈਕਲਿਸਟ ਕੀਤਾ ਜਾਵੇ ਅਤੇ ਸਾਰੇ ਬਿੱਲਾਂ ਦੀ ਅਦਾਇਗੀ ਰੋਕੀ ਜਾਵੇ।
- ਦਫ਼ਤਰਾਂ ਵਿੱਚ ਬੈਠ ਕੇ ਕਾਗ਼ਜ਼ੀ ਖ਼ਾਨਾਪੂਰਤੀ ਕਰਨ ਵਾਲੇ ਅਤੇ ਮੌਕੇ ਤੋਂ ਗ਼ਾਇਬ ਰਹਿਣ ਵਾਲੇ ਸਬੰਧਤ ਐਕਸੀਅਨ (XEN), ਐੱਸ.ਡੀ.ਓ. (SDO) ਅਤੇ ਜੇ.ਈ. (JE) ਖ਼ਿਲਾਫ਼ ਤੁਰੰਤ ਵਿਜੀਲੈਂਸ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇ।
- ਡਿਪਟੀ ਕਮਿਸ਼ਨਰ ਬਠਿੰਡਾ ਤੁਰੰਤ ਦਖ਼ਲ ਦੇ ਕੇ ਮਟੀਰੀਅਲ ਦੇ ਸਰਕਾਰੀ ਲੈਬ ਸੈਂਪਲ ਭਰਵਾਉਣ ਅਤੇ ਪਹਿਲਾਂ ਪੂਰਾ ਬੇਸ ਰੋਲਰਾਂ ਨਾਲ ਦਰੁਸਤ ਕਰਕੇ ਨਿਯਮਾਂ ਅਨੁਸਾਰ ਦੁਬਾਰਾ ਸੜਕ ਤਿਆਰ ਕਰਵਾਈ ਜਾਵੇ।
