ਮੋਹਾਲੀ NABI ਕੋਲ ਅਧੂਰਾ ਮੌਲੀ ਪੁਲ

8 ਸਾਲਾਂ ਤੋਂ ਅਧੂਰਾ ਲਟਕਿਆ ਨਾਬੀ (NABI) ਇੰਸਟੀਚਿਊਟ ਕੋਲ ਦਾ ਮੌਲੀ ਪੁਲ: 200 ਮੀਟਰ ਦੇ ਵਿਵਾਦ ‘ਚ ਫਸੀਆਂ ਹਜ਼ਾਰਾਂ ਪਰਿਵਾਰਾਂ ਦੀਆਂ ‘ਸਹੂਲਤਾਂ’, ਭਾਜਪਾ ਸੂਬਾ ਬੁਲਾਰੇ ਹਰਦੇਵ ਉਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਨੇ ਚੁੱਕੇ ਗੰਭੀਰ ਸਵਾਲ

Spread the love

​ਪੰਜਾਬ ਦਸਤਕ | ਰਿਪੋਰਟ: ਸਿਮਰਨਜੀਤ ਕੌਰ, ਸੀਨੀਅਰ ਪੱਤਰਕਾਰ

​ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਜਨਤਾ ਸਹੂਲਤਾਂ ਨੂੰ ਤਰਸੀ; 2 ਵਾਰ ਟੁੱਟਿਆ ਪੁਲ, ਵਿਜੀਲੈਂਸ ਜਾਂਚ ਅਤੇ ਵਿਧਾਨ ਸਭਾ ਸੈਸ਼ਨ ‘ਚ ਮੁੱਦਾ ਚੁੱਕਣ ਦੀ ਮੰਗ

​ਮੋਹਾਲੀ: ਸਰਕਾਰੀ ਤੰਤਰ ਦੀ ਘੋਰ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਢਿੱਲੇ ਰਵੱਈਏ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਕਿ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (NABI) ਦੇ ਨੇੜੇ ਸਥਿਤ ਅਤਿ-ਮਹੱਤਵਪੂਰਨ ‘ਮੌਲੀ ਪੁਲ’ ਪਿਛਲੇ 7-8 ਸਾਲਾਂ ਤੋਂ ਅਧੂਰਾ ਲਟਕ ਰਿਹਾ ਹੈ। ਇਹ ਪੁਲ ਸੈਕਟਰ 66, 67 ਤੋਂ ਸੈਕਟਰ 80, 81 ਹੁੰਦੇ ਹੋਏ ਵੇਵ ਸਟੇਟ (ਸੈਕਟਰ 84, 85) ਅਤੇ ਮੌਲੀ ਪਿੰਡ ਨੂੰ ਆਪਸ ਵਿੱਚ ਜੋੜਦਾ ਹੈ, ਜਿਸ ਨਾਲ ਸਿੱਧਾ ਏਅਰਪੋਰਟ ਰੋਡ, ਚੰਡੀਗੜ੍ਹ ਦੇ ਮੱਧ ਮਾਰਗ ਅਤੇ ਬਨੂੜ-ਲਾਂਡਰਾ ਰੋਡ ਦੀ ਦੂਰੀ ਘਟਦੀ ਹੈ।

​ਇਸ ਬੇਹੱਦ ਮਹੱਤਵਪੂਰਨ ਪ੍ਰੋਜੈਕਟ ‘ਤੇ ਸਰਕਾਰ ਦੇ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਅੱਜ ਤੱਕ ਆਮ ਜਨਤਾ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਸਕਿਆ। ਮੁੱਖ ਸੜਕ ਦਾ ਢਾਂਚਾ ਤਾਂ ਬਣ ਕੇ ਤਿਆਰ ਹੈ, ਪਰ ਮਹਿਜ਼ 200 ਮੀਟਰ ਦੇ ਇੱਕ ਵਿਵਾਦਿਤ ਟੁਕੜੇ ਦੇ ਕਾਰਨ ਇਹ ਪੁਲ ਚਿੱਟਾ ਹਾਥੀ ਬਣਿਆ ਹੋਇਆ ਹੈ, ਜਿਸ ਕਾਰਨ ਹਜ਼ਾਰਾਂ ਸ਼ਹਿਰ ਵਾਸੀ ਰੋਜ਼ਾਨਾ ਟ੍ਰੈਫਿਕ ਦੀ ਮਾਰ ਝੱਲਣ ਲਈ ਮਜਬੂਰ ਹਨ।
​ਜਨਹਿਤ ਦੇ ਇਸ ਗੰਭੀਰ ਮੁੱਦੇ ‘ਤੇ ਪੰਜਾਬ ਦਸਤਕ ਵੱਲੋਂ ਲਗਾਤਾਰ ਚਲਾਈ ਜਾ ਰਹੀ ਖੋਜੀ ਮੁਹਿੰਮ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦਸਤਕ ਦੀ Ground Report ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਤੇ ਸੀਨੀਅਰ ਸੂਬਾ ਬੁਲਾਰੇ ਹਰਦੇਵ ਸਿੰਘ ਉਭਾ ਨੇ ਸੈਕਟਰ 41 ਦੀ ਕੌਂਸਲਰ ਗੁਰਪ੍ਰੀਤ ਕੌਰ ਉਭਾ ਦੇ ਨਾਲ ਨਾਬੀ ਦੇ ਕੋਲ ਸਥਿਤ ਇਸ ਅਧੂਰੇ ਪੁਲ ਦਾ ਜਾਇਜ਼ਾ ਲਿਆ ਅਤੇ ਸਰਕਾਰ ਤੇ ਗਮਾਡਾ (GMADA) ਪ੍ਰਸ਼ਾਸਨ ਦੇ ਰਵੱਈਏ ‘ਤੇ ਕੜੇ ਸਵਾਲ ਖੜ੍ਹੇ ਕੀਤੇ।

​ਕਰੋੜਾਂ ਰੁਪਏ ਬਰਬਾਦ, ਫਿਰ ਵੀ ਜਨਤਾ ਸਹੂਲਤਾਂ ਤੋਂ ਵਾਂਝੀ
​ਨਾਬੀ ਕੋਲ ਅਧੂਰੇ ਪਏ ਮੌਲੀ ਪੁਲ ‘ਤੇ ਪੰਜਾਬ ਦਸਤਕ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਾਜਪਾ ਬੁਲਾਰੇ ਹਰਦੇਵ ਸਿੰਘ ਉਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉਭਾ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ:
​”ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਜੇਕਰ 7-8 ਸਾਲਾਂ ਤੋਂ ਜਨਤਾ ਨੂੰ ਉਹ ਸਹੂਲਤ ਅਤੇ ਸਿੱਧੀ ਕਨੈਕਟੀਵਿਟੀ ਨਹੀਂ ਮਿਲ ਰਹੀ ਜਿਸ ਦੇ ਉਹ ਹੱਕਦਾਰ ਹਨ, ਤਾਂ ਇਹ ਸਿੱਧੇ ਤੌਰ ‘ਤੇ ਪ੍ਰਸ਼ਾਸਨਿਕ ਨਾਕਾਮੀ ਹੈ। ਸੈਕਟਰ 66, 67, 80, 81, 84, 85, ਵੇਵ ਸਟੇਟ ਅਤੇ ਮੌਲੀ ਪਿੰਡ ਦੇ ਹਜ਼ਾਰਾਂ ਨਿਵਾਸੀਆਂ ਦਾ ਰੋਜ਼ਾਨਾ ਆਉਣਾ-ਜਾਣਾ ਨਰਕ ਬਣਿਆ ਹੋਇਆ ਹੈ। ਲੋਕਾਂ ਨੂੰ ਬਿਨਾਂ ਵਜ੍ਹਾ ਕਈ ਕਿਲੋਮੀਟਰ ਲੰਬਾ ਚੱਕਰ ਲਗਾਉਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਬਾਲਣ ਦਾ ਭਾਰੀ ਨੁਕਸਾਨ ਹੋ ਰਿਹਾ ਹੈ।”

​ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵੀ ਪਰੇਸ਼ਾਨੀ
​ਹਰਦੇਵ ਉਭਾ ਨੇ ਅੱਗੇ ਦੱਸਿਆ ਕਿ ਇਸ ਪੁਲ ਦੇ ਬਿਲਕੁਲ ਕੋਲ ਸਥਿਤ ਨਾਬੀ (NABI) ਇੱਕ ਮੰਨਿਆ-ਪ੍ਰਮੰਨਿਆ ਰਾਸ਼ਟਰੀ ਖੋਜ ਸੰਸਥਾਨ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਵੱਡੇ-ਵੱਡੇ ਵਿਗਿਆਨੀ, ਖੋਜਕਰਤਾ ਅਤੇ ਵਿਦਿਆਰਥੀ ਰੋਜ਼ਾਨਾ ਆਉਂਦੇ ਹਨ। ਮਹਿਜ਼ 200 ਮੀਟਰ ਸੜਕ ਦਾ ਨਿਰਮਾਣ ਨਾ ਹੋਣ ਕਾਰਨ ਇੱਥੇ ਆਉਣ-ਜਾਣ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਵਿਵਸਥਾ ‘ਤੇ ਇੱਕ ਗੰਭੀਰ ਸਵਾਲੀਆ ਨਿਸ਼ਾਨ ਹੈ।

​ਦੇਖਭਾਲ ਦੀ ਘਾਟ ਕਾਰਨ 2 ਵਾਰ ਟੁੱਟਿਆ ਪੁਲ, ਵਿਜੀਲੈਂਸ ਜਾਂਚ ਦੀ ਮੰਗ
​ਉਭਾ ਨੇ ਗੰਭੀਰ ਦੋਸ਼ ਲਗਾਉਂਦਿਆਂ ਖੁਲਾਸਾ ਕੀਤਾ ਕਿ ਪ੍ਰਸ਼ਾਸਨਿਕ ਦੇਖਭਾਲ ਦੀ ਕਮੀ ਅਤੇ ਘਟੀਆ ਨਿਰਮਾਣ ਕਾਰਨ ਨਾਬੀ ਕੋਲ ਦਾ ਇਹ ਅਧੂਰਾ ਮੌਲੀ ਪੁਲ ਹੁਣ ਤੱਕ ਦੋ ਵਾਰ ਟੁੱਟ ਚੁੱਕਾ ਹੈ। ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਅਤੇ ਜਨਤਾ ਦੇ ਟੈਕਸ ਦਾ ਪੈਸਾ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸਮਾਂਬੱਧ (Time-bound) ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਤੇ ਠੇਕੇਦਾਰਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਹੋਵੇ।

​”ਜੇਕਰ ਕੋਈ ਅੜਚਨ ਜਾਂ ਝਗੜਾ ਹੈ, ਤਾਂ ਤੁਰੰਤ ਨਿਪਟਾਏ ਪ੍ਰਸ਼ਾਸਨ!”
​ਨਾਬੀ ਕੋਲ ਪੁਲ ਦੇ ਇਸ 200 ਮੀਟਰ ਦੇ ਹਿੱਸੇ ਬਾਰੇ ਗੱਲ ਕਰਦਿਆਂ ਹਰਦੇਵ ਉਭਾ ਨੇ ਕਿਹਾ:
​”ਜੇਕਰ ਇਸ 200 ਮੀਟਰ ਦੇ ਦਾਇਰੇ ਨੂੰ ਲੈ ਕੇ ਕੋਈ ਕਾਨੂੰਨੀ ਪੇਚ, ਮਾਲੀਆ ਅੜਚਨ ਜਾਂ ਆਪਸੀ ਝਗੜਾ ਹੈ, ਤਾਂ ਗਮਾਡਾ ਅਤੇ ਪ੍ਰਸ਼ਾਸਨ ਉਸ ਨੂੰ ਜਨਤਾ ਦੇ ਸਾਹਮਣੇ ਲਿਆਵੇ ਅਤੇ ਯੁੱਧ ਪੱਧਰ ‘ਤੇ ਦੂਰ ਕਰੇ। 8 ਸਾਲ ਦਾ ਸਮਾਂ ਕਿਸੇ ਵਿਵਾਦ ਨੂੰ ਸੁਲਝਾਉਣ ਲਈ ਘੱਟ ਨਹੀਂ ਹੁੰਦਾ। ਅਧਿਕਾਰੀ ਤੁਰੰਤ ਇਸ 200 ਮੀਟਰ ਦੇ ਝਗੜੇ ਦਾ ਹੱਲ ਕਰਕੇ ਪੁਲ ਦਾ ਬਾਕੀ ਨਿਰਮਾਣ ਪੂਰਾ ਕਰਵਾਉਣ।”

​ਵਿਧਾਇਕ ਕੁਲਵੰਤ ਸਿੰਘ ਵਿਧਾਨ ਸਭਾ ‘ਚ ਮੁੱਖ ਮੰਤਰੀ ਅਤੇ PWD ਮੰਤਰੀ ‘ਤੇ ਬਣਾਉਣ ਦਬਾਅ: ਉਭਾ
​ਉਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉਭਾ ਨੇ ਸਥਾਨਕ ਵਿਧਾਇਕ ਸਰਦਾਰ ਕੁਲਵੰਤ ਸਿੰਘ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ:
​”ਸਥਾਨਕ ਵਿਧਾਇਕ ਆਪਣੇ ਚੋਣ ਵਾਅਦੇ ਨੂੰ ਯਾਦ ਕਰਨ ਅਤੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ‘ਕੁਐਸਚਨ ਅਵਰ’ (ਪ੍ਰਸ਼ਨ ਕਾਲ) ਅਤੇ ‘ਜ਼ੀਰੋ ਅਵਰ’ (ਸਿਫ਼ਰ ਕਾਲ) ਵਿੱਚ ਇਸ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕਣ। ਵਿਧਾਇਕ ਸਾਹਿਬ ਵਿਧਾਨ ਸਭਾ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ PWD ਮੰਤਰੀ ‘ਤੇ ਸਿੱਧਾ ਦਬਾਅ ਬਣਾਉਣ ਤਾਂ ਜੋ ਇਸ 200 ਮੀਟਰ ਦੇ ਵਿਵਾਦਿਤ ਟੁਕੜੇ ਦੀ ਅੜਚਨ ਤੁਰੰਤ ਦੂਰ ਹੋ ਸਕੇ। ਜਨਪ੍ਰਤੀਨਿਧੀ ਜਦੋਂ ਤੱਕ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਸਖ਼ਤੀ ਨਾਲ ਨਹੀਂ ਚੁੱਕਣਗੇ, ਉਦੋਂ ਤੱਕ ਲੱਖਾਂ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੇਗੀ।”

​ਇਸ ਦੇ ਨਾਲ ਹੀ ਉਨ੍ਹਾਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ (ਆਪ) ਤੋਂ ਵੀ ਅਪੀਲ ਕੀਤੀ ਕਿ ਉਹ ਗਮਾਡਾ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਉਣ।

​”ਨਿਰਣਾਇਕ ਮੋੜ ‘ਤੇ ਖੜ੍ਹਾ ਹੈ ਮਾਮਲਾ, ਜਲਦ ਪੂਰਾ ਕੀਤਾ ਜਾਵੇ ਕੰਮ”
​ਹਰਦੇਵ ਸਿੰਘ ਉਭਾ ਨੇ ਅੰਤ ਵਿੱਚ ਕਿਹਾ ਕਿ ਹੁਣ ਇਹ ਮਾਮਲਾ ਅਤਿਅੰਤ ਸੰਵੇਦਨਸ਼ੀਲ ਅਤੇ ਨਿਰਣਾਇਕ ਮੋੜ ‘ਤੇ ਆ ਚੁੱਕਾ ਹੈ। ਇਲਾਕੇ ਦੇ ਨਿਵਾਸੀ ਹੁਣ ਇਸ ਅੜਚਨ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਜਲਦ ਤੋਂ ਜਲਦ ਇਸ ਦਾ ਪੱਕਾ ਹੱਲ ਚਾਹੁੰਦੇ ਹਨ। ਸਰਕਾਰ ਅਤੇ ਗਮਾਡਾ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਇਸ ਪੁਲ ਦੇ ਕੰਮ ਨੂੰ ਯੁੱਧ ਪੱਧਰ ‘ਤੇ ਪੂਰਾ ਕਰਕੇ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *