ਚੰਡੀਗੜ 26 ਅਕਤੂਬਰ। ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਜਿਨਾਂ ਨੂੰ ਸਟੇਟ ਸੌਂਪੀ ਸੀ ਉਹ ਸਟੇਜਾਂ ਵੱਲ ਵਾਰ ਵਾਰ ਚਲੇ ਜਾਂਦੇ ਹਨ। ਇਨਾਂ ਨੂੰ ਹਲੇ ਤੱਕ ਸਟੇਟ ਤੇ ਸਟੇਜ ਵਿੱਚ ਫਰਕ ਸਮਝ ਨਹੀਂ ਆਇਆ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਜਪਾ ਹੈਡ ਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਹਿਸ ਦਾ ਚੈਲੇੰਜ ਤਾਂ ਮਜ਼ਾਕ ਵਿੱਚ ਕਰ ਦਿੱਤਾ ਗਿਆ ਪਰ ਗੰਭੀਰ ਮੁੱਦਿਆਂ ਤੇ ਚਰਚਾ ਨੂੰ ਲੈ ਕੇ ਉਹ ਹਾਲੇ ਵੀ ਗੰਭੀਰ ਨਜ਼ਰ ਨਹੀਂ ਆ ਰਹੇ। ਜਿਹੜੇ ਯਾਰ ਨੂੰ ਮੁੱਖ ਮੰਤਰੀ ਵੱਲੋਂ 1 ਨਵੰਬਰ ਦੀ ਬਹਿਸ ਲਈ ਸੰਚਾਲਕ ਬਣਾਇਆ ਗਿਆ ਹੈ,ਬੇਸ਼ੱਕ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਨਾ ਕੀਤਾ ਜਾ ਸਕਦਾ ਹੋਵੇ ਪਰ ਉਹਨਾਂ ਤੋਂ ਨਿਰਪੱਖਤਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ,ਜਿਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹਿਮੋ ਕਰਮ ਤੇ ਖ਼ਾਸ ਜਿੰਮੇਵਾਰੀ ਮਿਲੀ ਹੋਵੇ। ਉਹਨਾਂ ਕਿਹਾ ਕਿ ਪ੍ਰੋਫੈਸਰ ਨਿਰਮਲ ਜੋੜਾ ਨੂੰ ਸਹਿਤਕਾਰ ਤੇ ਨਾਟਕਕਾਰ ਦੇ ਨਾਲ ਸਟੇਜ ਸਾਂਭਣ ਵਿੱਚ ਮੁਹਾਰਤ ਤਾਂ ਹੈ ਪਰ ਉਹ ਕਿਵੇਂ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਹੋਣ ਵਾਲੀ ਬਹਿਸ ਵਿੱਚ ਨਿਰਪੱਖਤਾ ਵਿਖਾਉਣਗੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਵਾਬ ਤਾਂ ਪੰਜਾਬ ਤੁਹਾਡੇ ਤੋਂ ਮੰਗ ਰਿਹਾ ਹੈ ਤੁਸੀਂ ਸਿਰਫ ਜਵਾਬ ਲੈ ਕੇ ਆਉਣੇ ਹਨ ਸਵਾਲ ਤਾਂ ਤੁਹਾਨੂੰ ਅਸੀਂ ਪੁੱਛਾਂਗੇ। ਉਹਨਾਂ ਕਿਹਾ ਕਿ ਬਹਿਸ ਵਿੱਚ ਭਾਜਪਾ ਪੂਰੀ ਤਿਆਰੀ ਨਾਲ ਜਾਵੇਗੀ ਜਿਸ ਤਹਿਤ ਪੰਜਾਬ ਦੇ ਪਾਣੀ, ਕਿਸਾਨੀ, ਜਵਾਨੀ, ਨਸ਼ੇ ਤੇ ਸੂਬੇ ਚ ਬਣੇ ਡਰਦੇ ਮਾਹੌਲ ਦੇ ਮੁੱਦੇ ਤਾਂ ਉਹ ਚੱਕਣਗੇ ਪਰ ਹੋਰ ਕਿਹੜੇ ਮੁੱਦਿਆਂ ਤੇ ਸਰਕਾਰ ਤੋਂ ਜਵਾਬ ਲੈਣੇ ਹਨ ਉਸ ਲਈ ਉਹ ਪੰਜਾਬ ਦੇ ਲੋਕਾਂ ਤੋਂ ਸੁਝਾਅ ਲੈਣਾ ਚਾਹੁੰਦੇ ਹਨ। ਜਿਸ ਲਈ ਉਨਾਂ ਵੱਲੋਂ ਅੱਜ 7508560065 ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਤੇ ਪੰਜਾਬ ਦੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਜਾਖੜ ਨੇ ਕਿਹਾ ਕਿ ਮੈਂ ਟੈਗੋਰ ਥੀਏਟਰ ਇਸ ਲਈ ਮਨਾ ਕੀਤਾ ਸੀ ਕਿਉਂਕਿ ਅਸੀਂ ਨਾਟਕ ਨਹੀਂ ਖੇਡਣੇ ਨਾ ਹੀ ਮੈਨੂੰ ਨਾਟਕ ਆਉਂਦੇ ਹਨ ਸਗੋਂ ਪੰਜਾਬ ਦੀ ਹੋਂਦ ਦੇ ਮਸਲੇ ਤੇ ਚਰਚਾ ਕਰਨੀ ਹੈ ਪਰ ਇਹਨਾਂ ਫਿਰ ਆਪਣੇ ਨਾਟਕਕਾਰ ਦੋਸਤ ਨੂੰ ਸੰਚਾਲਨ ਦੀ ਜਿੰਮੇਵਾਰੀ ਪਤਾ ਨਹੀਂ ਕੀ ਸੋਚ ਕੇ ਸੌਂਪ ਦਿੱਤੀ। ਜਿਸ ਦਾ ਮੁੱਖ ਮੰਤਰੀ ਨੂੰ ਜਵਾਬ ਤਾਂ ਲੋਕਾਂ ਨੂੰ ਦੇਣਾ ਪੈਣਾ ਹੈ। ਉਨਾਂ ਕੁਵਰ ਵਿਜੇ ਪ੍ਰਤਾਪ ਸਮੇਤ ਪੰਜਾਬ ਦੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਜਿਹੜੇ ਪੰਜਾਬ ਦੇ ਹਿੱਤਾਂ ਲਈ ਸਰਕਾਰ ਤੋਂ ਜਵਾਬ ਲੈਣਾ ਚਾਹੁੰਦੇ ਹਨ।
+ There are no comments
Add yours